ਬੋਹਾ
ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਦੀ ਤੀਜੇ ਦਿਨ ਮਿਲੀ ਨਹਿਰ ’ਚੋਂ ਲਾਸ਼
ਵੱਖ-ਵੱਖ ਧਿਰਾਂ ਨੇ ਰੋਸ ਵਜੋਂ ਕਸਬਾ ਬੋਹਾ ਬੰਦ ਰੱਖਣ ਦਾ ਕੀਤਾ ਐਲਾਨ
ਮਾਨਸਾ, 14 ਜੂਨ
ਬੋਹਾ ਦੇ ਸਿਹਤ ਸੁਪਰਵਾਈਜ਼ਰ ਦੀ ਮਿ੍ਰਤਕ ਦੇਹ ਤੀਜੇ ਦਿਨ ਭਾਖੜਾ ਨਹਿਰ ਵਿਚੋਂ ਪਿੰਡ ਮਾਖਾ ਤੋਂ ਬਰਾਮਦ ਹੋਈ ਹੈ। ਲਾਸ਼ ਬਰਾਮਦ ਹੋਣ ਤੋਂ ਬਾਅਦ ਇਲਾਕੇ ਅਤੇ ਬੋਹਾ ਵਿੱਚ ਰੋਸ ਫੈਲ ਗਿਆ ਹੈ। ਵਪਾਰ ਮੰਡਲ,ਕਿਸਾਨ ਜਥੇਬੰਦੀਆਂ ਨੇ ਭਲਕੇ 15 ਜੂਨ ਨੂੰ ਇਸ ਦੇ ਰੋਸ ਵਜੋਂ ਬੋਹਾ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਬੋਹਾ ਸਿਹਤ ਕੇਂਦਰ ਦੇ ਸੁਪਰਵਾਈਜ਼ਰ ਭੁਪਿੰਦਰ ਕੁਮਾਰ (52) 12 ਜੂਨ ਦੀ ਸ਼ਾਮ ਤੋਂ ਘਰੋਂ ਲਾਪਤਾ ਹੋ ਗਿਆ ਸੀ। ਉਸਦਾ ਮੋਟਰਸਾਈਕਲ ਅਤੇ ਚੱਪਲਾਂ ਪਿੰਡ ਰੋਜ਼ਾਂਵਾਲੀ (ਹਰਿਆਣਾ) ਤੋਂ ਭਾਖੜਾ ਨਹਿਰ ਕਿਨਾਰਿਓ ਮਿਲੀਆਂ ਸੀ, ਜਿਸ ਤੋਂ ਬਾਅਦ ਉਸ ਵੱਲੋਂ ਖੁਦਕੁਸ਼ੀ ਕਰਨ ਦਾ ਸ਼ੱਕ ਸੀ। ਭੁਪਿੰਦਰ ਕੁਮਾਰ ਦੀ ਥਾਣਾ ਬੋਹਾ ਦੀ ਪੁਲੀਸ,ਐਨਡੀਆਰਐਫ ਦੀਆਂ ਟੀਮਾਂ ਅਤੇ ਪਰਿਵਾਰ ਵੱਲੋਂ ਲਗਾਤਾਰ ਇਲਾਕੇ ਅਤੇ ਨਹਿਰ ਵਿਚੋਂ ਭਾਲ ਕੀਤੀ ਜਾ ਰਹੀ ਸੀ। ਐਤਵਾਰ ਦੀ ਬਾਅਦ ਦੁਪਹਿਰ ਪਿੰਡ ਮਾਖਾ ਵਿਖੇ ਨਹਿਰ ਵਿੱਚ ਨੁਹਾਉਂਦੇ ਬੱਚਿਆਂ ਨੇ ਇੱਕ ਲਾਸ਼ ਦੇਖੀ ਤਾਂ ਉਸਦੀ ਸਨਾਖ਼ਤ ਭੁਪਿੰਦਰ ਕੁਮਾਰ ਵਜੋਂ ਹੋਈ। ਭੁਪਿੰਦਰ ਕੁਮਾਰ ਦੇ ਪਿਤਾ ਤਰਸੇਮ ਚੰਦ ਅਤੇ ਪਰਿਵਾਰਕ ਮੈਂਬਰ ਦੋਸ਼ ਲਗਾ ਚੁੱਕੇ ਹਨ ਕਿ ਉਸਦੇ ਨਾਲ ਕੰਮ ਕਰਦੇ ਮਹਿਕਮੇ ਦੇ ਕੁੱਝ ਵਿਅਕਤੀਆਂ ਦੇ ਕਹਿਣ ’ਤੇ ਇੱਕ ਸੱਤਾਧਾਰੀ ਧਿਰ ਦੇ ਵਿਅਕਤੀ ਵੱਲੋਂ ਉਸ ਨੂੰ ਬੁਰਾ-ਭਲਾ ਬੋਲਿਆ ਅਤੇ ਧਮਕਾਇਆ ਗਿਆ ਸੀ, ਜਿਸ ਤੋਂ ਬਾਅਦ ਭੁਪਿੰਦਰ ਕੁਮਾਰ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਨ੍ਹਾਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਕਰਕੇ ਇਸ ’ਤੇ ਪੁਲੀਸ ਕਾਰਵਾਈ ਦੀ ਮੰਗ ਕੀਤੀ। ਭੁਪਿੰਦਰ ਕੁਮਾਰ ਦੀ ਲਾਸ਼ ਨੂੰ ਸਿਵਲ ਹਸਪਤਾਲ ਬੁਢਲਾਡਾ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ।
ਥਾਣਾ ਬੋਹਾ ਦੇ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਮਿ੍ਰਤਕ ਭੁਪਿੰਦਰ ਕੁਮਾਰ ਦੇ ਪਰਿਵਾਰ ਵੱਲੋਂ ਹਾਲੇ ਤੱਕ ਕੋਈ ਬਿਆਨ ਦਰਜ ਨਹੀਂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਦੀ ਲਾਸ਼ ਨਹਿਰ ਵਿਚੋਂ ਬਰਾਮਦ ਹੋਈ ਹੈ ਅਤੇ ਪੁਲੀਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਉਧਰ ਇਸ ਰੋਸ ਵਜੋਂ ਵਪਾਰ ਮੰਡਲ ਨੇ ਸੋਮਵਾਰ ਨੂੰ ਬੋਹਾ ਕਸਬਾ ਮੁਕੰਮਲ ਤੌਰ ’ਤੇ ਬੰਦ ਰੱਖਣ ਦਾ ਐਲਾਨ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਪਰਦੀਪ ਕੁਮਾਰ ਬਿੱਟੂ ਨੇ ਕਿਹਾ ਕਿ ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਨੇ ਤੰਗ-ਪ੍ਰੇਸ਼ਾਨ ਅਤੇ ਦੁਖੀ ਹੋਕੇ ਜਾਨ ਦਿੱਤੀ ਹੈ। ਉਸਦਾ ਇਨਸਾਫ਼ ਲੈਣ ਲਈ ਵਪਾਰ ਮੰਡਲ, ਕਿਸਾਨ ਜਥੇਬੰਦੀਆਂ, ਸਮਾਜਕ ਅਤੇ ਰਾਜਨੀਤਿਕਾਂ ਧਿਰਾਂ ਵੱਲੋਂ ਮੁਕੰਮਲ ਤੌਰ ’ਤੇ ਬੋਹਾ ਬੰਦ ਕਰਕੇ ਰੋਸ ਵਿਖਾਵਾ ਕੀਤਾ ਜਾਵੇਗਾ ਅਤੇ ਭੁਪਿੰਦਰ ਕੁਮਾਰ ਦੀ ਮੌਤ ਦਾ ਇਨਸਾਫ਼ ਲੈਣ ਅਤੇ ਜਿੰਮੇਵਾਰਾਂ ਖਿਲਾਫ਼ ਪੁਲੀਸ ਕਾਰਵਾਈ ਦੀ ਮੰਗ ਕੀਤੀ ਜਾਵੇਗੀ।
ਅਖ਼ਬਾਰੀ ਕਲਿੱਪ (E-Paper) ਦੇਖੋ ਅਤੇ ਸ਼ੇਅਰ ਕਰੋ